ਅਮਲੀ ਦਾ ਦਿਮਾਗ \ ਇੰਦਰਜੀਤ ਕਮਲ

ਸਾਡੇ ਸਕੂਲ  ਦੇ ਨੇੜੇ ਹੀ ਜੇਲ੍ਹ ਸੀ ਤੇ ਜੇਲ੍ਹ ਦੇ ਨਾਲ ਹੀ ਇੱਕ ਅਮਲੀ ਦੀ ਚਾਹ ਦੀ ਦੁਕਾਨ ਸੀ | ਸਾਡੀ ਜਮਾਤ  ਦੇ  ਮੁੰਡਿਆਂ  ਦੀ  ਡਿਉਟੀ  ਹੁੰਦੀ  ਸੀ  ਕਿ  ਚੌਥੀ  ਘੰਟੀ ਵੱਜਦਿਆਂ ਹੀ  ਅਮਲੀ  ਕੋਲੋਂ  ਚਾਰ  ਜਾਂ  ਪੰਜ  ਕੱਪ  ਚਾਹ  ਬਣਵਾਕੇ  ਲਿਆਉਣੀ  |ਚਾਹ  ਪੀਣ  ਵਾਲਿਆਂ  ਵਿੱਚ  ਰੋਜ਼  ਹੀ  ਤਕਰੀਬਨ  ਇੱਕ  ਹੀ  ਔਰਤ  ਹੁੰਦੀ  ਸੀ  ,  ਹਿੰਦੀ  ਵਾਲੀ  ਭੈਣਜੀ ,  ਕਦੇ  ਕਦੇ  ਡਰਾਇੰਗ  ਵਾਲੀ ਵੀ  ਆ  ਜਾਂਦੀ  ਸੀ   | ਜਿਹੜੇ  ਮੁੰਡੇ ਚਾਹ  ਖਤਮ  ਹੋਣ   ਤੋਂ  ਬਾਦ  ਕੱਪ  ਵਾਪਸ  ਕਰਨ  ਜਾਂਦੇ  ਸਨ  ,  ਉਹ  ਆਕੇ  ਅਕਸਰ  ਦਸਦੇ  ਹੁੰਦੇ ਸਨ  ਕਿ  ਅਮਲੀ  ਝੱਟ  ਦੱਸ  ਦਿੰਦਾ  ਹੈ  ਕਿ  ਅੱਜ  ਚਾਹ  ਪੀਣ  ਵਾਲਿਆਂ  ਚ  ਮਾਸਟਰ   ਕਿੰਨੇ  ਸਨ  ਤੇ  ਮਾਸਟਰਨੀਆਂ ਕਿੰਨੀਆਂ  | #KamalDiKalam
                                         ਇੱਕ  ਦਿਨ  ਤਬੀਅਤ  ਖਰਾਬ  ਹੋਣ  ਕਰਕੇ  ਹਿੰਦੀ  ਵਾਲੀ  ਭੈਣਜੀ  ਨੇ  ਚਾਹ ਪੀਣ  ਤੋਂ ਇਨਕਾਰ  ਕਰ  ਦਿੱਤਾ ,  ਜਿਸ  ਕਾਰਣ  ਚਾਹ  ਪੀਣ  ਵਾਲਿਆਂ  ਵਿੱਚ  ਔਰਤ  ਕੋਈ  ਨਹੀਂ  ਸੀ  |  ਮੈਂ  ਸੋਚਿਆ  ਕਿ  ਅੱਜ  ਕੱਪ  ਵਾਪਸ  ਕਰਨ   ਮੈਂ  ਜਾਵਾਂਗਾ  ਤੇ  ਵੇਖਾਂਗਾ  ਕਿ  ਅਮਲੀ ਕੀ  ਕਹਿੰਦਾ  ਹੈ |  ਅਸੀਂ  ਦੋ  ਮੁੰਡੇ  ਕੱਪ ਵਾਪਸ  ਦੇਣ  ਗਏ  ਤਾਂ  ਅਮਲੀ  ਕੱਪਾਂ  ਨੂੰ   ਉਲਟ  ਪਲਟ ਕੇ  ਨੱਕ  ਵਿੱਚ  ਬੋਲਦਾ  ਹੋਇਆ   ਕਹਿੰਦਾ ," ਅੱਜ  ਹਿੰਦੀ   ਵਾਲੀ  ਭੈਣਜੀ  ਆਈ  ਨਹੀਂ  ਜਾਂ  ਉਹਨੇ  ਚਾਹ  ਨਹੀਂ  ਪੀਤੀ   ?"
                                       ਮੈਨੂੰ  ਬੜੀ  ਹੈਰਾਨੀ  ਹੋਈ  ਕਿ  ਅਮਲੀ  ਤਾਂ  ਜਾਣੀਜਾਣ ਹੈ  ,  ਬਾਦ  ਚ  ਪਤਾ  ਲੱਗਾ ਕਿ  ਉਹ  ਕੱਪਾਂ  ਉੱਤੇ  ਲੱਗੀ ਬੁੱਲ੍ਹਾਂ ਦੀ  ਸੁਰਖੀ  ਤੋਂ  ਅੰਦਾਜ਼ਾ   ਲਗਾਉਂਦਾ  ਸੀ  |

Previous
Next Post »